ਬੱਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ
ਬੱਜਟ 2026 ਅਨੁਸ਼ਾਸਿਤ ਫੈਸਲੇ ਕਰਦਾ ਹੈ ਤਾਂ ਜੋ ਸਭ ਤੋਂ ਮਹੱਤਵਪੂਰਨ ਚੀਜ਼ਾਂ ਦੀ ਸੁਰੱਖਿਆ ਕੀਤੀ ਜਾ ਸਕੇ।
ਇਸ ਪੰਨੇ ‘ਤੇ
ਮਹੱਤਵਪੂਰਨ ਸੇਵਾਵਾਂ ਦੀ ਸੁਰੱਖਿਆ
ਬੱਜਟ 2026 ਸਿਹਤ-ਸੰਭਾਲ ਅਤੇ ਸਿੱਖਿਆ ਵਰਗੀਆਂ ਮਹੱਤਵਪੂਰਨ ਸੇਵਾਵਾਂ ਦੀ ਸੁਰੱਖਿਆ ਕਰਦਾ ਹੈ, ਅਤੇ ਦੇਖਭਾਲ ਅਤੇ ਸਹਾਇਤਾ ਦੀ ਲੋੜ ਵਾਲੇ ਲੋਕਾਂ ਨੂੰ ਸਹਿਯੋਗ ਦੇਣ ਲਈ ਨਵੇਂ ਨਿਵੇਸ਼ ਕਰਦਾ ਹੈ।
ਬਾਲ-ਸੰਭਾਲ ਅਤੇ K-12 ਸਿੱਖਿਆ ਨੂੰ ਸਹਿਯੋਗ ਦੇਣਾ
- ਬੱਜਟ 2026 ਵਿੱਚ ਅਧਿਆਪਕਾਂ ਲਈ, ਵਿਦਿਆਰਥੀ ਸੇਵਾਵਾਂ ਲਈ, ਅਤੇ ਸਮਾਵੇਸ਼ੀ ਮਾਹੌਲ ਵਿੱਚ ਸਿੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਣ ਕਾਰਨ ਸਿੱਖਣ ਦੇ ਸਮਾਵੇਸ਼ੀ ਮਾਹੌਲ ਨੂੰ ਸਹਿਯੋਗ ਦੇਣ ਲਈ, $634 ਮਿਲੀਅਨ ਦੀ ਨਵੀਂ ਆਰਥਿਕ ਸਹਾਇਤਾ ਸ਼ਾਮਲ ਹੈ।
- ‘ਕਲਾਸਰੂਮ ਐਨਹਾਂਸਮੈਂਟ ਫੰਡ’ ਵਿੱਚ $167 ਮਿਲੀਅਨ ਦੇ ਨਿਵੇਸ਼ ਨਾਲ ਹਰ ਕਿਸੇ ਲਈ ਹੋਰ ਅਧਿਆਪਕ, ਅਤੇ ਨਾਲ ਹੀ ਵਿਸ਼ੇਸ਼ ਸਿੱਖਿਆ ਲਈ ਅਧਿਆਪਕ, ਅਧਿਆਪਕ ਮਨੋਵਿਗਿਆਨੀ ਅਤੇ ਕਾਊਂਸਲਰ ਵੀ ਉਪਲਬਧ ਹੋਣਗੇ।
- ਭੂਚਾਲ ਪੱਖੋਂ ਸੁਰੱਖਿਅਤ ਤਬਦੀਲੀਆਂ ਅਤੇ ਸੁਧਾਰਾਂ ਲਈ, ਅਤੇ ਬੀ.ਸੀ. ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਭਾਈਚਾਰਿਆਂ ਵਿੱਚ ਵੱਧ ਰਹੇ ਦਾਖਲੇ ਦੇ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰੋਜੈਕਟਾਂ ਲਈ $3.9 ਬਿਲੀਅਨ ਦੀ ਹੋਰ ਪੂੰਜੀਗਤ ਆਰਥਿਕ ਸਹਾਇਤਾ ਨਿਰਧਾਰਤ ਕੀਤੀ ਗਈ ਹੈ।
- ਬੀ.ਸੀ. ਸਰਕਾਰ ਦੇ ਬਾਲ-ਸੰਭਾਲ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਚੱਲ ਰਹੇ ਕੰਮ ਦੇ ਨਾਲ ਨਾਲ, ਬੱਜਟ 2026 ਉਨ੍ਹਾਂ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਸਥਿਰ ਕਰਨ ਲਈ, ਜਿਨ੍ਹਾਂ ‘ਤੇ ਪਰਿਵਾਰ ਨਿਰਭਰ ਹਨ, ‘ਚਾਈਲਡ ਕੇਅਰ ਬੀ ਸੀ’ ਵਿੱਚ $330 ਮਿਲੀਅਨ ਦਾ ਵਾਧਾ ਮੁਹੱਈਆ ਕਰਦਾ ਹੈ।
- ਸੂਬੇ ਅਤੇ ਟੈਰੀਟੋਰੀਆਂ ਸਿਸਟਮ-ਭਰ ਵਿੱਚ ਲਚਕਤਾ ਅਤੇ ਮਜ਼ਬੂਤੀ ਨੂੰ ਵਧਾਉਣ ਲਈ ਫੈਡਰਲ ਸਰਕਾਰ ਨਾਲ ਗੱਲਬਾਤ ਜਾਰੀ ਰੱਖ ਰਹੇ ਹਨ, ਅਤੇ ਇਸ ਦੌਰਾਨ ਇਹ ਸਥਿਰਤਾ ਬਹੁਤ ਮਹੱਤਵਪੂਰਨ ਹੈ।
- ਇਹ ਆਰਥਿਕ ਸਹਾਇਤਾ ਪਿਛਲੇ ਅੱਠ ਸਾਲਾਂ ਵਿੱਚ ਹਾਸਲ ਕੀਤੀਆਂ ਘੱਟ ਫੀਸਾਂ, ਸਕੂਲੀ ਸਥਾਨ, ਅਤੇ ਔਪਰੇਟਰਾਂ ਅਤੇ ਅਧਿਆਪਕਾਂ ਲਈ ਦਿੱਤੀ ਗਈ ਸਹਾਇਤਾ ਨੂੰ ਬਰਕਰਾਰ ਰੱਖੇਗੀ।।
- ਇਸ ਸਥਿਰਤਾ ਦੀ ਮਿਆਦ ਦੌਰਾਨ, ਸੂਬਾ ਇਸ ਪ੍ਰਣਾਲੀ ਵਿੱਚ ਹੋਰ ਸਮਾਨਤਾ ਲਿਆਉਣ ਲਈ ਕੰਮ ਕਰੇਗਾ। ਜਦੋਂ ਅਸੀਂ ਔਪਰੇਟਰਾਂ ਤੋਂ ਇਹ ਸੁਣਿਆ ਕਿ ਆਰਥਿਕ ਸਹਾਇਤਾ ਮੁਹੱਈਆ ਕਰਨ ਵਾਲੇ ਮੌਜੂਦਾ ਮਾਡਲ, ਉੱਚ-ਗੁਣਵੱਤਾ ਵਾਲੀ, ਸਮਾਵੇਸ਼ੀ ਸੰਭਾਲ ਵਿੱਚ ਯੋਗਦਾਨ ਪਾਉਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਸੀਮਤ ਕਰਦੇ ਹਨ, ਤਾਂ ਸੂਬੇ ਨੇ ਇਹ ਫੈਸਲਾ ਕੀਤਾ ਕਿ ਉਹ ਇਸ ਸਥਿਰਤਾ ਦੀ ਮਿਆਦ ਦੌਰਾਨ ‘ਔਪਰੇਟਿੰਗ ਫੰਡਿੰਗ ਮਾਡਲ’ ਅਤੇ ‘$10 ਪ੍ਰਤੀ ਦਿਨ ਚਾਈਲਡ ਕੇਅਰ ਬੀ ਸੀ’ ਪ੍ਰੋਗਰਾਮ ਵਿੱਚ ਨਵੇਂ ਪ੍ਰਦਾਨਕਾਂ ਦੇ ਦਾਖਲੇ ਨੂੰ ਸ਼ਾਮਲ ਕਰਨ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦੇਵੇਗਾ। $10 ਪ੍ਰਤੀ ਦਿਨ ਪ੍ਰੋਗਰਾਮ ਵਿੱਚ ਇਸ ਵੇਲੇ ਸ਼ਾਮਲ ਮੌਜੂਦਾ ਪਰਿਵਾਰਾਂ ਅਤੇ ਪ੍ਰਦਾਨਕਾਂ ਲਈ ਕੋਈ ਤਬਦੀਲੀ ਨਹੀਂ ਹੋਵੇਗੀ।
- ਇਹ ਦੇਖਦੇ ਹੋਏ ਕਿ ਸਕੂਲ ਪਰਿਵਾਰਾਂ ਲਈ ਭਾਈਚਾਰਕ ਕੇਂਦਰ ਹਨ, ਅਤੇ ਬਾਲ-ਸੰਭਾਲ ਮੁਹੱਈਆ ਕਰਵਾਉਣ ਵਿੱਚ ਹੋਰ ਵੱਡੀ ਭੂਮਿਕਾ ਨਿਭਾ ਸਕਦੇ ਹਨ, ਪਤਝੜ 2025 ਵਿੱਚ ਸੂਬੇ ਨੇ ਸਕੂਲਾਂ ਵਿੱਚ ਬਾਲ-ਸੰਭਾਲ ਦਾ ਵਿਸਥਾਰ ਕਰਨ ਲਈ ਕਦਮ ਚੁੱਕੇ।
- ਸੂਬਾ ਬਾਕੀ ਦੇ ਆਰਥਿਕ ਸਹਾਇਤਾ ਪ੍ਰਾਪਤ ‘ਨਿਊ ਸਪੇਸਿਸ ਫੰਡ’ ਪ੍ਰੋਜੈਕਟਾਂ (11,800 ਸਥਾਨ) ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਜਾਰੀ ਰੱਖ ਰਿਹਾ ਹੈ। ਇਸ ਦੌਰਾਨ ਸਰਕਾਰ ਦਾ ਇਰਾਦਾ ਸਕੂਲ ਤੋਂ ਪਹਿਲਾਂ ਅਤੇ ਬਾਅਦ ਦੀ ਬਾਲ-ਸੰਭਾਲ ਦਾ ਵਿਸਥਾਰ ਕਰਨ ਵੱਲ ਤਬਦੀਲੀ ਕਰਨ ਦਾ ਹੈ।
- ਬੱਜਟ 2026 ਸਕੂਲਾਂ ਵਿੱਚ ਬਾਲ-ਸੰਭਾਲ ਦਾ ਵਿਸਥਾਰ ਕਰਨ ਲਈ $25 ਮਿਲੀਅਨ ਮੁਹੱਈਆ ਕਰਦਾ ਹੈ:
- ਬੁਨਿਆਦੀ ਢਾਂਚਾ ਮੰਤਰਾਲੇ ਵੱਲੋਂ $5 ਮਿਲੀਅਨ ਦੀ ਸ਼ੁਰੂਆਤੀ ਪੂੰਜੀਗਤ ਆਰਥਿਕ ਸਹਾਇਤਾ
- ਸਿੱਖਿਆ ਅਤੇ ਬਾਲ-ਸੰਭਾਲ ਮੰਤਰਾਲੇ ਵੱਲੋਂ ਤਿੰਨ ਸਾਲਾਂ ਦੌਰਾਨ $20 ਮਿਲੀਅਨ ਦੀ ਸੰਚਾਲਨ ਸੰਬੰਧੀ ਆਰਥਿਕ ਸਹਾਇਤਾ।
ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨਾ
- ਬੱਜਟ 2026 ਤਿੰਨ ਸਾਲਾਂ ਦੌਰਾਨ ਸਿਹਤ ਸੰਭਾਲ ਸਿਸਟਮ ਲਈ $2.8 ਬਿਲੀਅਨ ਦੀ ਨਵੀਂ ਆਰਥਿਕ ਸਹਾਇਤਾ ਵਿੱਚ ਨਿਵੇਸ਼ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:
- ਸਿਹਤ ਪ੍ਰਣਾਲੀ ਦੀ ਸਮਰੱਥਾ ਵਧਾਉਣ ਅਤੇ ਸੇਵਾਵਾਂ ਦੀ ਵੱਧ ਰਹੀ ਲੋੜ ਨੂੰ ਸਹਿਯੋਗ ਦੇਣ ਲਈ $2.3 ਬਿਲੀਅਨ, ਜਿਸ ਵਿੱਚ ਸੂਬੇ ਭਰ ਵਿੱਚ ਹੋਰ ਡਾਕਟਰਾਂ, ਨਰਸਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੀ ਭਰਤੀ ਲਈ ਸਹਾਇਤਾ, ਅਤੇ ਨਵੇਂ ਅਤੇ ਵਿਸਥਾਰ ਕੀਤੇ ਹਸਪਤਾਲਾਂ ਅਤੇ ਸਿਹਤ ਸੁਵਿਧਾਵਾਂ ਦੀ ਯੋਜਨਾ, ਵਿਕਾਸ ਅਤੇ ਉਨ੍ਹਾਂ ਨੂੰ ਚਲਾਉਣ ਲਈ ਸਹਾਇਤਾ ਸ਼ਾਮਲ ਹੈ
- ਗੰਭੀਰ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਦੇ ਇਲਾਜ ਲਈ $131 ਮਿਲੀਅਨ, ਜਿਸ ਵਿੱਚ ਉਨ੍ਹਾਂ ਲੋਕਾਂ ਲਈ ਹੋਰ ਸਥਾਨ ਵਧਾਉਣਾ ਸ਼ਾਮਲ ਹੈ ਜਿਨ੍ਹਾਂ ਨੂੰ ਗੈਰ-ਇੱਛੁਕ ਦੇਖਭਾਲ ਦੀ ਲੋੜ ਹੈ
- ਬੀ.ਸੀ. ਦੇ ਲਗਭਗ 1,800 ਪਰਿਵਾਰਾਂ ਲਈ ਇਨ-ਵਿਟ੍ਰੋ ਫਰਟੀਲਾਈਜ਼ੇਸ਼ਨ ਤੱਕ ਪਹੁੰਚ ਮੁਹੱਈਆ ਕਰਨ ਲਈ ਸਲਾਨਾ $34 ਮਿਲੀਅਨ
- ਸੂਬੇ ਵੱਲੋਂ ਬਾਹਰੀ ਆਰਥਿਕ ਸਹਾਇਤਾ ਸੁਨਿਸ਼ਚਿਤ ਕਰਨ ਦੇ ਕੰਮ ਦੇ ਹਿੱਸੇ ਵਜੋਂ, ਫੈਡਰਲ ਸਰਕਾਰ ਤੋਂ ਮਿਲ ਰਹੇ $447 ਮਿਲੀਅਨ ਬਜ਼ੁਰਗਾਂ ਲਈ ਸਿਹਤ ਸੇਵਾਵਾਂ ਮੁਹੱਈਆ ਕਰਨ ਵਿੱਚ ਮਦਦ ਕਰਗੇ, ਜਿਸ ਵਿੱਚ ਹਸਪਤਾਲ ਤੋਂ ਬਾਹਰ ਗੁੰਝਲਦਾਰ ਸਿਹਤ ਅਵਸਥਾਵਾਂ ਦਾ ਇਲਾਜ ਅਤੇ ਲੌਂਗ-ਟਰਮ ਕੇਅਰ ਦੀਆਂ ਸਹੂਲਤਾਂ ਦੀ ਸੁਰੱਖਿਆ ਅਤੇ ਗੁਣਵੱਤਾ ਵਿੱਚ ਸੁਧਾਰ ਸ਼ਾਮਲ ਹਨ।
- ਇਸ ਤੋਂ ਇਲਾਵਾ, ਫੈਡਰਲ ਸਰਕਾਰ ਤੋਂ ਮਿਲਣ ਵਾਲੇ $653 ਮਿਲੀਅਨ ਨਾਲ ਜਨਤਕ ਮੈਡੀਕਲ ਕਵਰੇਜ ਦਾ ਵਿਸਥਾਰ ਕੀਤਾ ਜਾਵੇਗਾ, ਜਿਸ ਵਿੱਚ ਸ਼ੂਗਰ ਦੇ ਇਲਾਜ ਲਈ ਮੁਫ਼ਤ ਦਵਾਈਆਂ ਅਤੇ ਮੈਨੋਪੌਜ਼ ਹਾਰਮੋਨ ਥੈਰਪੀ ਲਈ ਵਧੇਰੇ ਕਵਰੇਜ ਸ਼ਾਮਲ ਹੋਵੇਗੀ।
ਅਪੰਗਤਾਵਾਂ ਵਾਲੇ ਬੱਚਿਆਂ ਅਤੇ ਨੌਜਵਾਨਾਂ ਲਈ ਸਹਾਇਤਾ
- ਇੱਕ ਅਜਿਹੇ ਵਧੇਰੇ ਲਚਕੀਲੇ, ਸੁਚਾਰੂ ਅਤੇ ਨਿਰਪੱਖ ਸਿਸਟਮ ਨੂੰ ਤਿਆਰ ਕਰਨ ਲਈ $475 ਮਿਲੀਅਨ ਦਾ ਨਿਵੇਸ਼ ਕੀਤਾ ਜਾਵੇਗਾ, ਜੋ ਬੱਚਿਆਂ ਅਤੇ ਨੌਜਵਾਨਾਂ ਦੀਆਂ ਲੋੜਾਂ ਨਾਲ ਬਿਹਤਰ ਢੰਗ ਨਾਲ ਮੇਲ ਖਾਂਦਾ ਹੋਵੇ।
- ਬੱਜਟ 2026 ਤਿੰਨ ਤਰਜੀਹੀ ਖੇਤਰਾਂ ਵਿੱਚ ਨਿਵੇਸ਼ ਕਰਦਾ ਹੈ:
- ਨਵਾਂ ‘ਬੀ ਸੀ ਚਿਲਡਰਨ ਐਂਡ ਯੂਥ ਡਿਸੇਬਿਲਿਟੀ ਬੈਨਿਫ਼ਿਟ’ ਲਗਭਗ 12,000 ਅਜਿਹੇ ਪਰਿਵਾਰਾਂ ਨੂੰ ਸਿੱਧੀ ਆਰਥਿਕ ਸਹਾਇਤਾ ਮੁਹੱਈਆ ਕਰੇਗਾ, ਜਿਨ੍ਹਾਂ ਦੇ ਬੱਚਿਆਂ ਨੂੰ ਗੰਭੀਰ ਅਪੰਗਤਾਵਾਂ ਹਨ ਅਤੇ ਜਿਨ੍ਹਾਂ ਨੂੰ ਵਧੇਰੇ ਅਤੇ ਵਿਅਕਤੀਗਤ ਸਹਾਇਤਾ ਦੀ ਲੋੜ ਹੈ।
- ਨਵਾਂ ‘ਬੀ ਸੀ ਚਿਲਡਰਨ ਐਂਡ ਯੂਥ ਡਿਸੇਬਿਲਿਟੀ ਬੈਨਿਫ਼ਿਟ’ ਅਪੰਗਤਾ ਵਾਲੇ ਬੱਚੇ ਦੀ ਪਰਵਰਿਸ਼ ਕਰ ਰਹੇ ਘੱਟ- ਅਤੇ ਮੱਧ-ਆਮਦਨ ਵਾਲੇ ਪਰਿਵਾਰਾਂ ਲਈ ਆਰਥਿਕ ਦਬਾਅ ਨੂੰ ਘਟਾਉਣ ਲਈ ਪ੍ਰਤੀ ਸਾਲ $6,000 ਤੱਕ ਦੀ ਸਹਾਇਤਾ ਮੁਹੱਈਆ ਕਰੇਗਾ।
- ਭਾਈਚਾਰਾ-ਅਧਾਰਿਤ ਸੇਵਾਵਾਂ ਵਿੱਚ 40% ਵਿਸਥਾਰ ਤੋਂ ਸਾਰੇ ਪਰਿਵਾਰਾਂ ਨੂੰ ਲਾਭ ਹੋਵੇਗਾ, ਜਿਸ ਵਿੱਚ ਵਿਹਾਰਕ ਅਤੇ ਮਾਨਸਿਕ ਸਿਹਤ ਸਹਾਇਤਾ ਵਿੱਚ ਵਾਧਾ ਵੀ ਸ਼ਾਮਲ ਹੈ।
ਹੋਰ ਸੁਰੱਖਿਅਤ ਭਾਈਚਾਰੇ
- ਸੂਬਾ ਲਾਗੂਕਰਨ, ਰਿਹਾਇਸ਼ਾਂ, ਸਿਹਤ ਅਤੇ ਨਿਆਂ ਦੇ ਹਰ ਪੱਖ ਤੋਂ ਕਾਰਵਾਈ ਕਰ ਰਿਹਾ ਹੈ ਤਾਂ ਜੋ ਅਪਰਾਧ ਦੇ ਸਿਲਸਿਲੇ ਨੂੰ ਖਤਮ ਕੀਤਾ ਜਾਵੇ ਅਤੇ ਲੋਕਾਂ ਨੂੰ ਉਹ ਮਦਦ ਮਿਲੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ, ਅਤੇ ਜਿਸ ਨਾਲ ਬੀ.ਸੀ. ਦੇ ਭਾਈਚਾਰੇ ਹਰ ਕਿਸੇ ਲਈ ਵਧੇਰੇ ਮਜ਼ਬੂਤ ਅਤੇ ਸੁਰੱਖਿਅਤ ਬਣਨ।
- ਬੱਜਟ 2026 ਦੁਹਰਾਊ ਹਿੰਸਕ ਅਪਰਾਧਾਂ ਨੂੰ ਘਟਾਉਣ, ਲੰਬੇ ਸਮੇਂ ਤੋਂ ਚੱਲ ਰਹੇ ਪ੍ਰੌਪਰਟੀ ਸੰਬੰਧੀ ਅਪਰਾਧਾਂ ‘ਤੇ ਕਾਬੂ ਪਾਉਣ ਅਤੇ ਨਿਆਂ ਤੱਕ ਸਮੇਂ-ਸਿਰ ਪਹੁੰਚ ਦਾ ਸਮਰਥਨ ਕਰਨ ਲਈ ਤਿੰਨ ਸਾਲਾਂ ਵਿੱਚ $139 ਮਿਲੀਅਨ ਹੋਰ ਮੁਹੱਈਆ ਕਰਦਾ ਹੈ। ਇਸ ਵਿੱਚ ਸ਼ਾਮਲ ਹੈ:
- ਨਿਆਂ ਪ੍ਰਣਾਲੀ ਤੱਕ ਪਹੁੰਚ ਵਿੱਚ ਸੁਧਾਰ ਜਾਰੀ ਰੱਖਣ ਅਤੇ ਅਦਾਲਤੀ ਕਾਰਵਾਈਆਂ ਨੂੰ ਸਹਿਯੋਗ ਦੇਣ ਲਈ $73 ਮਿਲੀਅਨ, ਜਿਸ ਵਿੱਚ ਸ਼ੈਰਿਫਾਂ ਦੀ ਭਰਤੀ ਅਤੇ ਉਨ੍ਹਾਂ ਨੂੰ ਕੰਮ ‘ਤੇ ਬਰਕਰਾਰ ਰੱਖਣਾ, ਕ੍ਰਾਊਨ ਕਾਊਂਸਲ, ਨਿਆਇਕ ਅਧਿਕਾਰੀ, ਲੀਗਲ ਏਡ ਅਤੇ ‘ਬੀ ਸੀ ਪ੍ਰੌਸੀਕਿਊਸ਼ਨ ਸਰਵਿਸ’ ਲਈ ਸਹਿਯੋਗ ਸ਼ਾਮਲ ਹੈ
- ਨਵੇਂ ‘ਕ੍ਰੌਨਿਕ ਪ੍ਰੌਪਰਟੀ ਔਫੈਂਡਿੰਗ ਇੰਟਰਵੈਨਸ਼ਨ ਇਨੀਸ਼ੀਏਟਿਵ’ ਲਈ $16 ਮਿਲੀਅਨ, ਜੋ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੈਂਡਲਿਜ਼ਮ ਅਤੇ ਸ਼ਾਪਲਿਫ਼ਟਿੰਗ ਵਰਗੇ ਪ੍ਰੌਪਰਟੀ ਸੰਬੰਧੀ ਅਪਰਾਧ ਦੁਹਰਾਉਣ ਵਾਲਿਆਂ ਲਈ ਨਿਗਰਾਨੀ ਅਤੇ ਲਾਗੂਕਰਨ ਨੂੰ ਮਜ਼ਬੂਤ ਕਰਦਾ ਹੈ
- ‘ਰਿਪੀਟ ਵਾਇਲੈਂਟ ਔਫੈਂਡਿੰਗ ਇੰਟਰਵੈਨਸ਼ਨ ਇਨੀਸ਼ੀਏਟਿਵ’ ਲਈ $26 ਮਿਲੀਅਨ, ਜਿਸ ਬਾਰੇ ਸ਼ੁਰੂਆਤੀ ਮੁਲਾਂਕਣ ਦਰਸਾਉਂਦੇ ਹਨ ਕਿ ਇਹ ਪ੍ਰੋਗਰਾਮ ਹਿੰਸਕ ਅਪਰਾਧ ਦੁਹਰਾਉਣ ਵਾਲਿਆਂ ਖ਼ਿਲਾਫ਼ ਪੁਲਿਸ ਦੀ ਕਾਨੂੰਨੀ ਕਾਰਵਾਈ ਵਿੱਚ ਮਹੱਤਵਪੂਰਨ ਕਟੌਤੀ ਅਤੇ ਦੋਸ਼ ਲਗਾਉਣ ਦੀ ਮਨਜ਼ੂਰੀ ਪ੍ਰਕਿਰਿਆ ਵਿੱਚ ਤੇਜ਼ੀ ਲਿਆ ਰਿਹਾ ਹੈ
- ‘ਸਪੈਸ਼ਲ ਇਨਵੈਸਟੀਗੇਸ਼ਨ ਐਂਡ ਟਾਰਗੇਟਿਡ ਇਨਫੋਰਸਮੈਂਟ’ ਪ੍ਰੋਗਰਾਮ ਅਤੇ ‘ਕਮਿਊਨਿਟੀ ਸੇਫ਼ਟੀ ਅਤੇ ਟਾਰਗੇਟਿਡ ਇਨਫੋਰਸਮੈਂਟ’ ਪ੍ਰੋਗਰਾਮ ਨੂੰ ਜਾਰੀ ਰੱਖਣ ਲਈ $24 ਮਿਲੀਅਨ। ਇਹ ਦੋਵੇਂ ਪ੍ਰੋਗਰਾਮ ਹਿੰਸਕ ਅਪਰਾਧ ਦੁਹਰਾਉਣ ਵਾਲਿਆਂ ਨਾਲ ਨਜਿੱਠਣ, ਸੜਕਾਂ ‘ਤੇ ਪੈਦਾ ਹੋ ਰਹੀਆਂ ਅਵਿਵਸਥਾਵਾਂ ਨੂੰ ਖਤਮ ਕਰਨ ਅਤੇ ਵਿਅਕਤੀਆਂ ਨੂੰ ਭਾਈਚਾਰਕ ਸੇਵਾਵਾਂ ਨਾਲ ਜੋੜਣ ਵਿੱਚ ਪੁਲਿਸ ਨੂੰ ਕੀਮਤੀ ਸਰੋਤ ਮੁਹੱਈਆ ਕਰਦੇ ਹਨ
- ਸੂਬਾ ਜਬਰਨ ਵਸੂਲੀ ਖਿਲਾਫ਼ ਕਾਰਵਾਈ ਲਈ ਸਮਰਥਨ ਜਾਰੀ ਰੱਖੇਗਾ, ਜਿਸ ਵਿੱਚ ‘ਬੀ ਸੀ ਐਕਸਟੋਰਸ਼ਨ ਟਾਸਕ ਫੋਰਸ’ ਰਾਹੀਂ ਕੀਤਾ ਜਾ ਰਿਹਾ ਕੰਮ ਵੀ ਸ਼ਾਮਲ ਹੈ, ਜੋ ਨਗਰਪਾਲਿਕਾਵਾਂ, ਸੂਬਾਈ ਅਤੇ ਫੈਡਰਲ ਏਜੰਸੀਆਂ ਨੂੰ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਜਾਂਚਾਂ ਲਈ ਇਕੱਠਾ ਕਰਦਾ ਹੈ। ਸੂਬੇ ਨੇ ਹੋਰ ਪੁਲਿਸ ਅਫ਼ਸਰ ਮੁਹੱਈਆ ਕਰਵਾਉਣ ਲਈ, RCMP ਦੇ ਹੈਲੀਕਾਪਟਰ ਸਰੋਤਾਂ ਵਿੱਚ ਵਾਧਾ ਕਰਨ ਲਈ ਅਤੇ ਜਬਰਨ ਵਸੂਲੀ ਨਾਲ ਨਜਿੱਠਣ ਲਈ ਰਾਸ਼ਟਰੀ ਪੱਧਰ ‘ਤੇ ਤਾਲਮੇਲ ਲਈ ਫੈਡਰਲ ਸਰਕਾਰ ਦਾ ਸਮਰਥਨ ਹਾਸਲ ਕੀਤਾ ਹੈ।
ਬੀ.ਸੀ. ਦੇ ਭਵਿੱਖ ਵਿੱਚ ਨਿਵੇਸ਼ ਕਰਨਾ
ਬੱਜਟ 2026 ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਵਧੇਰੇ ਆਰਥਿਕ ਸੁਰੱਖਿਆ ਵੱਲ ਜਾਣ ਦਾ ਰਸਤਾ ਤੈਅ ਕਰਦਾ ਹੈ, ਜਿਸ ਵਿੱਚ ਮੁੱਖ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ, ਫੈਡਰਲ ਅਤੇ ਪ੍ਰਾਈਵੇਟ ਨਿਵੇਸ਼ ਆਕਰਸ਼ਿਤ ਕਰਨਾ, ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਅਤੇ ਹੁਨਰਮੰਦ ਕਿੱਤਿਆਂ ਲਈ ਸਿਖਲਾਈ ਦੇ ਮੌਕਿਆਂ ਤੱਕ ਪਹੁੰਚ ਵਧਾਉਣਾ ਸ਼ਾਮਲ ਹੈ।
ਹੁਨਰ ਸਿਖਲਾਈ ਲਈ ਵਧੇਰੇ ਮੌਕੇ ਸਿਰਜਣਾ
ਬੱਜਟ 2026 ਬ੍ਰਿਟਿਸ਼ ਕੋਲੰਬੀਆ ਦੇ ਹੋਰ ਲੋਕਾਂ ਲਈ ਉੱਚ ਮੰਗ ਵਾਲੇ ਹੁਨਰਮੰਦ ਕਿੱਤਿਆਂ ਵਿੱਚ ਸਿਖਲਾਈ ਹਾਸਲ ਕਰਨ ਦੇ ਦਰਵਾਜ਼ੇ ਖੋਲ੍ਹਦਾ ਹੈ, ਤਾਂ ਜੋ ਉਹ ਪਰਿਵਾਰਾਂ ਨੂੰ ਸਹਿਯੋਗ ਦੇਣ ਵਾਲੀਆਂ ਚੰਗੀਆਂ ਨੌਕਰੀਆਂ ਹਾਸਲ ਕਰ ਸਕਣ, ਜੋ ਬੀ.ਸੀ. ਨੂੰ ਕੈਨੇਡਾ ਦੀ ਆਰਥਿਕਤਾ ਵਿੱਚ ਮੁੱਖ ਯੋਗਦਾਨ ਪਾਉਣ ਵਾਲਾ ਸੂਬਾ ਬਣਾਉਣ ਲਈ ਲੋੜੀਂਦੀਆਂ ਹਨ। ਕੁੱਲ $283 ਮਿਲੀਅਨ ਦੀ ਆਰਥਿਕ ਸਹਾਇਤਾ ਵਿੱਚ ਸ਼ਾਮਲ ਹੈ:
- ਤਿੰਨ ਸਾਲਾਂ ਵਿੱਚ ਹੁਨਰਮੰਦ ਕਿੱਤਿਆਂ ਲਈ ਆਰਥਿਕ ਸਹਾਇਤਾ ਨੂੰ ਦੁੱਗਣਾ ਕਰਨ ਲਈ $241 ਮਿਲੀਅਨ
- ਤਿੰਨ ਸਾਲਾਂ ਵਿੱਚ ‘ਇੰਪਲੌਇਰ ਟ੍ਰੇਨਿੰਗ ਗ੍ਰਾਂਟ’ ਨੂੰ ਹੋਰ ਬਿਹਤਰ ਬਣਾਉਣ ਲਈ $12 ਮਿਲੀਅਨ, ਜਿਸ ਨਾਲ ਸਾਲ 2028-29 ਤੱਕ ਅਪਰੈਂਟਿਸਸ਼ਿਪ ਸੀਟਾਂ ਨੂੰ ਦੁੱਗਣਾ ਕਰਨ ਵਿੱਚ ਮਦਦ ਮਿਲੇਗੀ
- ਉੱਚ ਯੋਗਤਾ ਵਾਲੇ ਪੇਸ਼ੇਵਰ ਤਿਆਰ ਕਰਨ ਲਈ $30 ਮਿਲੀਅਨ, ਜਿਸ ਨਾਲ ਇੰਜੀਨਿਅਰਿੰਗ, ਜੀਓਲੋਜੀ, ਕੰਪਿਊਟਰ ਸਾਇੰਸ, ਬਾਇਓਲੋਜੀ ਅਤੇ ਏਰੋਸਪੇਸ ਵਰਗੀਆਂ ਖ਼ਾਸ ਪ੍ਰਣਾਲੀਆਂ ਮੌਜੂਦਾ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ
ਫੈਡਰਲ ਅਤੇ ਪ੍ਰਾਈਵੇਟ ਸੈਕਟਰ ਨਿਵੇਸ਼ ਨੂੰ ਆਕਰਸ਼ਿਤ ਕਰਨਾ
$400 ਮਿਲੀਅਨ ਦਾ ਨਵਾਂ ‘ਬ੍ਰਿਟਿਸ਼ ਕੋਲੰਬੀਆ ਸਟ੍ਰੈਟੀਜਿਕ ਇਨਵੈਸਟਮੈਂਟਸ ਸਪੈਸ਼ਲ ਅਕਾਊਂਟ’, ਬੀ.ਸੀ. ਨੂੰ ਫੈਡਰਲ ਸਰਕਾਰ ਨਾਲ ਕੰਮ ਕਰਨ ਦੇ ਮੌਕਿਆਂ ਦਾ ਤੇਜ਼ੀ ਨਾਲ ਫ਼ਾਇਦਾ ਉਠਾਉਣ ਦੇ ਸਮਰੱਥ ਕਰੇਗਾ; ਫੈਡਰਲ ਸਰਕਾਰ ਕੈਨੇਡਾ ਦੀ ਖੁਦਮੁਖਤਿਆਰੀ ਦੀ ਸੁਰੱਖਿਆ ਕਰਨ ਲਈ ਅਰਬਾਂ ਡਾਲਰ ਨਿਵੇਸ਼ ਕਰ ਰਹੀ ਹੈ, ਜਿਸ ਨਾਲ ਨੌਕਰੀਆਂ ਅਤੇ ਆਰਥਿਕ ਮੌਕੇ ਤਿਆਰ ਹੋਣਗੇ। ਇਹ ਵਿਸ਼ੇਸ਼ ਅਕਾਊਂਟ ਸੂਬੇ ਨੂੰ ਨਿਵੇਸ਼ ਆਕਰਸ਼ਿਤ ਕਰਨ ਵਿੱਚ ਮਦਦ ਕਰੇਗਾ, ਤਾਂ ਜੋ ਬੀ.ਸੀ. ਦੇ ਮਜ਼ਬੂਤ ਖੇਤਰ, ਜਿਵੇਂ ਕਿ ਵਾਤਾਵਰਨ ਪੱਖੋਂ ਸਾਫ਼ ਊਰਜਾ ਅਤੇ ਤਕਨਾਲੋਜੀ, ਟਿਕਾਊ ਜੰਗਲਾਤ ਨਿਰਮਾਣ ਅਤੇ ਵਾਤਾਵਰਨ ਪੱਖੋਂ ਜ਼ਿੰਮੇਵਾਰ ਖਣਨ ਅਭਿਆਸ ਦਾ ਲਾਭ ਉਠਾਇਆ ਜਾ ਸਕੇ।
ਇਹ ਵਿਸ਼ੇਸ਼ ਅਕਾਊਂਟ ਸੂਬੇ ਨੂੰ ਸਿੱਧੇ ਨਿਵੇਸ਼ਾਂ, ਹਿੱਸੇਦਾਰੀ (ਇਕੁਇਟੀ) ਅਤੇ ਕਰਜ਼ਿਆਂ ਰਾਹੀਂ ਬੀ.ਸੀ. ਦੇ ਕਾਰੋਬਾਰਾਂ ਦੀ ਆਮਦਨੀ ਵਾਧੇ ਵਿੱਚ ਸਿੱਧੀ ਭਾਗੀਦਾਰੀ ਕਰਨ ਦੇ ਸਮਰੱਥ ਬਣਾਏਗਾ, ਜਿਸ ਨਾਲ ਪ੍ਰਾਈਵੇਟ ਖੇਤਰ ਦੇ ਵਿਕਾਸ ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਵਧੀਆ ਨੌਕਰੀਆਂ ਨੂੰ ਸਹਿਯੋਗ ਮਿਲੇਗਾ।
ਮਨਜ਼ੂਰੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਕੁਦਰਤੀ ਸਰੋਤਾਂ ਵਿੱਚ ਨਿਵੇਸ਼ ਕਰਨਾ
ਬੱਜਟ 2026 ਕੁਦਰਤੀ ਸਰੋਤ ਅਤੇ ਸੈਰ-ਸਪਾਟਾ ਖੇਤਰਾਂ ਵਿੱਚ ਪਰਵਾਨਗੀਆਂ ਨਾਲ ਜੁੜੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਦੋਹਰਾਵੇ ਨੂੰ ਹਟਾਉਣ ਲਈ ਤਿੰਨ ਸਾਲਾਂ ਵਿੱਚ $40 ਮਿਲੀਅਨ ਤੋਂ ਵੱਧ ਨਿਵੇਸ਼ ਕਰਦਾ ਹੈ। ਇਹ ਆਰਥਿਕ ਸਹਾਇਤਾ ਪਹਿਲਾਂ ਹੀ ਤਿਆਰ ਕੀਤੀਆਂ ਕੁਸ਼ਲਤਾਵਾਂ ਨੂੰ ਹੋਰ ਵਧਾਏਗੀ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਸਾਲ 2024 ਦੇ ਮੁਕਾਬਲੇ 2025 ਵਿੱਚ ਲਗਭਗ 35% ਵੱਧ ਐਕਸਪਲੋਰੇਸ਼ਨ ਪਰਮਿਟ ਜਾਰੀ ਕਰਨਾ
- ਸਾਲ 2019 ਤੋਂ ਮੁੱਖ ਖਾਣਾਂ ਲਈ ਦਰਖ਼ਾਸਤ ਪ੍ਰਕਿਰਿਆ ਦੇ ਸਮਿਆਂ ਵਿੱਚ 35% ਦੀ ਕਟੌਤੀ
- ਖਣਿਜ ਖੋਜ ਵਿੱਚ $750 ਮਿਲੀਅਨ ਤੋਂ ਵੱਧ ਦੇ ਰਿਕਾਰਡ-ਤੋੜ ਨਿਵੇਸ਼। ਕਾਫ਼ੀ ਸਮੇਂ ਤੋਂ ਚੱਲ ਰਹੇ ਅੰਤਰਰਾਸ਼ਟਰੀ ਟੈਰਿਫ਼, ਫਾਈਬਰ ਸਪਲਾਈ ਵਿੱਚ ਘਾਟ ਅਤੇ ਵਧਦੇ ਲੇਬਰ ਖ਼ਰਚਿਆਂ ਦੇ ਮੱਦੇਨਜ਼ਰ, ਜੰਗਲਾਤ ਖੇਤਰ ਦੀ ਮਦਦ ਕਰਨ ਲਈ, ਸੂਬਾ ਖੇਤਰ ਦੀ ਸਥਿਰਤਾ ਨੂੰ ਸਹਿਯੋਗ ਦੇਣ, ਨੌਕਰੀਆਂ ਦੀ ਸੁਰੱਖਿਆ ਕਰਨ ਅਤੇ ਭਾਈਚਾਰਿਆਂ ਨੂੰ ਇਸ ਤਬਦੀਲੀ ਨਾਲ ਅਨੁਕੂਲ ਕਰਨ ਵਿੱਚ ਮਦਦ ਲਈ ਤੁਰੰਤ ਨਵੇਂ ਨਿਵੇਸ਼ ਕਰ ਰਿਹਾ ਹੈ। ਇਸ ਵਿੱਚ $50 ਮਿਲੀਅਨ ਦੀ ਨਵੀਂ ਸੂਬਾਈ ਆਰਥਿਕ ਸਹਾਇਤਾ ਅਤੇ ਨਵੇਂ ਸਿਰੀਓਂ ਵੰਡੀ ਗਈ ਫੈਡਰਲ ਆਰਥਿਕ ਸਹਾਇਤਾ ਸ਼ਾਮਲ ਹੈ, ਜੋ ਹੇਠਾਂ ਦਿੱਤੇ ਉਦੇਸ਼ਾਂ ਲਈ ਵਰਤੀ ਜਾਵੇਗੀ:
- ਸਾਲ 2025-26 ਵਿੱਚ ਮੁੱਖ ਸੰਸਥਾਵਾਂ ਨੂੰ $15 ਮਿਲੀਅਨ ਦੀ ਤੁਰੰਤ ਆਰਥਿਕ ਸਹਾਇਤਾ ਜਾਰੀ ਕੀਤੀ ਜਾਵੇਗੀ:
- ‘ਫਰਸਟ ਨੇਸ਼ਨਜ਼ ਫ਼ੌਰੈਸਟਰੀ ਕਾਊਂਸਿਲ’ ਲਈ $5 ਮਿਲੀਅਨ, ਤਾਂ ਜੋ ‘ਇੰਡੀਜਨਸ ਫ਼ੌਰੈਸਟਰੀ ਸਕੌਲਰਸ਼ਿਪ’ ਪ੍ਰੋਗਰਾਮ ਜਾਰੀ ਰੱਖਿਆ ਜਾ ਸਕੇ ਅਤੇ ਜੰਗਲਾਤ ਖੇਤਰ ਵਿੱਚ ਫਰਸਟ ਨੇਸ਼ਨਜ਼ ਦੀ ਭਾਗੀਦਾਰੀ ਨੂੰ ਸਹਿਯੋਗ ਦਿੱਤਾ ਜਾ ਸਕੇ
- ‘ਵਾਈਲਡਫਾਇਰ ਰਿਡੱਕਸ਼ਨ ਇਕੁਇਪਮੈਂਟ ਸੁਪੋਰਟ ਟਰੱਸਟ’ ਲਈ $5 ਮਿਲੀਅਨ, ਜੋ ਲੌਗਿੰਗ ਠੇਕੇਦਾਰਾਂ ਦੀ ਉਹ ਖ਼ਾਸ ਸਾਜ਼ੋ-ਸਮਾਨ ਖਰੀਦਣ ਵਿੱਚ ਮਦਦ ਕਰੇਗਾ, ਜੋ ਬਾਜ਼ਾਰ-ਯੋਗ ਉਤਪਾਦਾਂ ਵਿੱਚ ਪ੍ਰੋਸੈਸ ਕਰਨ ਯੋਗ ਫਾਈਬਰ ਪ੍ਰਾਪਤ ਕਰਨ ਲਈ ਲੋੜੀਂਦਾ ਹੈ
- ‘ਫ਼ੌਰੈਸਟਰੀ ਸਰਵਿਸ ਪ੍ਰੋਵਾਈਡਰਜ਼ ਕੰਪੈਨਸੈਸ਼ਨ ਫੰਡ’ ਲਈ $5 ਮਿਲੀਅਨ, ਤਾਂ ਜੋ ਕਿਸੇ ਟੈਨਿਊਰ ਹੋਲਡਰ ਦੀ ਦਿਵਾਲਿਆਪਨ ਦੀ ਸਥਿਤੀ ਵਿੱਚ ਆਪਣੀਆਂ ਸੇਵਾਵਾਂ ਲਈ ਅਦਾਇਗੀ ਨਾ ਮਿਲਣ ਵਾਲੇ ਠੇਕੇਦਾਰਾਂ ਨੂੰ ਰਾਹਤ ਦਿੱਤੀ ਜਾ ਸਕੇ
- ਸੂਬਾ ਸਾਲ 2025-26 ਵਿੱਚ ‘ਫਾਇਰਸਮਾਰਟ ਕਮਿਊਨਿਟੀ ਫੰਡਿੰਗ ਐਂਡ ਸੁਪੋਰਟਸ’ ਪ੍ਰੋਗਰਾਮ ਦੇ ਮੁੜ-ਪੂੰਜੀਕਰਨ ਲਈ $15 ਮਿਲੀਅਨ ਦਾ ਨਿਵੇਸ਼ ਵੀ ਕਰ ਰਿਹਾ ਹੈ, ਜਿਸ ਨਾਲ ਲਗਭਗ 75 ਹੋਰ ਸਥਾਨਕ ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਨੂੰ ਸਿਖਲਾਈ, ਸਾਜ਼ੋ-ਸਮਾਨ, ਬਾਇਲਾਅ ਅੱਪਡੇਟਾਂ ਅਤੇ ਘਰਾਂ ਨੂੰ ਅੱਗ ਤੋਂ ਬਚਾਅ ਲਈ ਮਜ਼ਬੂਤ ਬਣਾਉਣ ਦੇ ਉਪਰਾਲਿਆਂ ਰਾਹੀਂ ਜੰਗਲੀ ਅੱਗਾਂ ਨਾਲ ਨਜਿੱਠਣ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
- ਬੀ.ਸੀ. ਸਾਲ 2025-26 ਵਿੱਚ ‘ਨੌਰਦਰਨ ਡਿਵੈਲਪਮੈਂਟ ਇਨੀਸ਼ੀਏਟਿਵ ਟਰੱਸਟ’ ਨੂੰ $20 ਮਿਲੀਅਨ ਦੀ ਫੈਡਰਲ ਆਰਥਿਕ ਸਹਾਇਤਾ ਦੇ ਰਿਹਾ ਹੈ, ਤਾਂ ਜੋ ਜੰਗਲਾਤ ਅਤੇ ਸਟੀਲ, ਦੋਵੇਂ ਉਦਯੋਗਾਂ ਵਿੱਚ ਰੁਜ਼ਗਾਰ ਦੇਣ ਵਾਲਿਆਂ ਅਤੇ ਕਾਮਿਆਂ ਦੀ ਮਦਦ ਕੀਤੀ ਜਾ ਸਕੇ। ਇਹ ਸਹਾਇਤਾ WorkBC ਰਾਹੀਂ ਦਿੱਤੀਆਂ ਜਾ ਰਹੀਆਂ ਮੌਜੂਦਾ ਸੇਵਾਵਾਂ ਨੂੰ ਅੱਗੇ ਵਧਾਉਂਦੀ ਹੈ, ਤਾਂ ਜੋ ਕਾਮਿਆਂ ਲਈ ਉਹ ਰੁਜ਼ਗਾਰ ਸਹਾਇਤਾ ਯਕੀਨੀ ਬਣਾਈ ਜਾ ਸਕੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ।
ਟੈਨਿਊਰ ਹੋਲਡਰਾਂ ਨੂੰ ਤੁਰੰਤ ਨਕਦੀ ਪ੍ਰਵਾਹ ਰਾਹਤ ਮੁਹੱਈਆ ਕਰਨ ਲਈ, ਸੂਬਾ ਅਸਥਾਈ ‘ਸਟੰਪੇਜ ਪੇਮੈਂਟ ਡਿਫ਼ਰਲ ਪ੍ਰੋਗਰਾਮ’ ਲਾਗੂ ਕਰ ਰਿਹਾ ਹੈ, ਜੋ 1 ਜਨਵਰੀ 2026 ਤੋਂ 30 ਨਵੰਬਰ 2026 ਤੱਕ ਪ੍ਰਭਾਵੀ ਰਹੇਗਾ।
ਕਾਰੋਬਾਰੀ ਨਿਵੇਸ਼ ਨੂੰ ਸਮਰਥਨ ਦੇਣਾ
ਬੀ.ਸੀ. ਨੇ ਕਾਰੋਬਾਰਾਂ ਅਤੇ ਉਤਪਾਦਕਤਾ ਨੂੰ ਸਹਿਯੋਗ ਦੇਣ ਲਈ ਮਹੱਤਵਪੂਰਨ ਨਿਵੇਸ਼ ਕੀਤੇ ਹਨ। ਬੱਜਟ 2026 ਵਿੱਚ ਇੱਕ ਨਵਾਂ, ਅਸਥਾਈ 15% ਦਾ ‘ਮੈਨਿਊਫੈਕਚਰਿੰਗ ਐਂਡ ਪ੍ਰੋਸੈਸਿੰਗ ਇਨਵੈਸਟਮੈਂਟ ਰਿਫੰਡੇਬਲ ਟੈਕਸ ਕ੍ਰੈਡਿਟ’ ਸ਼ਾਮਲ ਹੈ, ਜੋ ਉਨ੍ਹਾਂ ਕਾਰੋਬਾਰਾਂ ਲਈ ਹੈ ਜੋ ਮੈਨਿਊਫੈਕਚਰਿੰਗ ਅਤੇ ਪ੍ਰੋਸੈਸਿੰਗ ਲਈ ਵਰਤੀਆਂ ਜਾਣ ਵਾਲੀਆਂ ਇਮਾਰਤਾਂ, ਮਸ਼ੀਨਰੀ ਅਤੇ ਸਾਜ਼ੋ-ਸਮਾਨ ਵਿੱਚ ਨਿਵੇਸ਼ ਕਰਦੇ ਹਨ। ਇਹ ਕਦਮ ਕਾਰੋਬਾਰਾਂ ਨੂੰ ਹੋਰ ਉਤਪਾਦਕ ਅਤੇ ਮੁਕਾਬਲੇਯੋਗ ਬਣਨ ਵਿੱਚ ਮਦਦ ਕਰੇਗਾ ਅਤੇ ਬੀ.ਸੀ. ਦੇ ਮੈਨਿਊਫੈਕਚਰਿੰਗ ਖੇਤਰ ਨੂੰ ਮਜ਼ਬੂਤ ਕਰੇਗਾ।
ਬੱਜਟ 2026 ‘ਸ਼ਿਪਬਿਲਡਿੰਗ ਐਂਡ ਸ਼ਿਪ ਰਿਪੇਅਰ ਇੰਡਸਟਰੀ ਟੈਕਸ ਕ੍ਰੈਡਿਟ’ ਨੂੰ ਸਾਲ 2027 ਦੇ ਅੰਤ ਤੱਕ ਵਧਾਉਂਦਾ ਹੈ, ਤਾਂ ਜੋ ਬੀ.ਸੀ. ਦੇ ਸਮੁੰਦਰੀ ਖੇਤਰ, ਜੋ ਕੈਨੇਡਾ ਵਿੱਚ ਸਭ ਤੋਂ ਵੱਡਾ ਹੈ, ਦਾ ਸਹਿਯੋਗ ਜਾਰੀ ਰਹੇ।
ਸਰਕਾਰ ਉਦਯੋਗ ਅਤੇ ਫੈਡਰਲ ਸਰਕਾਰ ਨਾਲ ਮਿਲ ਕੇ ਬੀ.ਸੀ. ਵਿੱਚ ‘ਪੇਟੈਂਟ ਬਾਕਸ ਰੀਜੀਮ’ ਨੂੰ ਅਪਣਾਉਣ ਦੀ ਉਚਿਤਤਾ ਦੀ ਜਾਂਚ ਕਰਨ ਦੀ ਯੋਜਨਾ ਦਾ ਐਲਾਨ ਕਰ ਰਹੀ ਹੈ। ‘ਪੇਟੈਂਟ ਬਾਕਸ ਰੀਜੀਮ’ ਬੀ.ਸੀ. ਵਿੱਚ ਬੌਧਿਕ ਸੰਪਤੀ ਤੋਂ ਹੋਣ ਵਾਲੀ ਆਮਦਨੀ ‘ਤੇ ਘੱਟ ਟੈਕਸ ਦਰ ਮੁਹੱਈਆ ਕਰ ਸਕਦੀ ਹੈ।
ਟੈਕਸ ਪ੍ਰਣਾਲੀ ਅੱਪਡੇਟ ਕਰਦੇ ਹੋਏ ਸਰਕਾਰੀ ਖ਼ਰਚਿਆਂ ਦਾ ਪ੍ਰਬੰਧਨ
ਵਿਸ਼ਵ ਆਰਥਿਕ ਅਨਿਸ਼ਚਿਤਤਾ, ਧੀਮੀ ਵਿਕਾਸ ਦਰ ਅਤੇ ਵਧ ਰਹੇ ਖ਼ਰਚੇ ਸਰਕਾਰੀ ਵਿੱਤੀ ਹਾਲਾਤਾਂ ’ਤੇ ਦਬਾਅ ਪਾ ਰਹੇ ਹਨ। ਬੱਜਟ 2026 ਸਰਕਾਰੀ ਖ਼ਰਚਿਆਂ ਨੂੰ ਕਾਬੂ ਵਿੱਚ ਰੱਖਣ ਅਤੇ ਆਮਦਨ ਵਿੱਚ ਵਾਧਾ ਕਰਨ ਲਈ ਅਨੁਸ਼ਾਸਿਤ ਫ਼ੈਸਲੇ ਕਰਦਾ ਹੈ, ਤਾਂ ਜੋ ਬੀ.ਸੀ. ਦੇ ਭਵਿੱਖ ਲਈ ਆਰਥਿਕ ਅਨੁਮਾਨ ਮਜ਼ਬੂਤ ਰਹੇ, ਮਹੱਤਵਪੂਰਨ ਸੇਵਾਵਾਂ ਦੀ ਸੁਰੱਖਿਆ ਕੀਤੀ ਜਾਵੇ, ਉਦਯੋਗਾਂ ਅਤੇ ਕਰਮਚਾਰੀਆਂ ਵਿੱਚ ਨਿਵੇਸ਼ ਜਾਰੀ ਰਹੇ, ਅਤੇ ਕੰਮਕਾਜੀ ਪਰਿਵਾਰਾਂ ਲਈ ਬੀ.ਸੀ. ਦੇਸ਼ ਦੇ ਸਭ ਤੋਂ ਘੱਟ ਟੈਕਸ ਲਾਗੂ ਕਰਨ ਵਾਲੇ ਸੂਬਿਆਂ ਵਿੱਚੋਂ ਇੱਕ ਬਣਿਆ ਰਹੇ।
ਬੀ.ਸੀ. ਦੀ ਟੈਕਸ ਪ੍ਰਣਾਲੀ ਅੱਪਡੇਟ ਕਰਨਾ
ਬੀ.ਸੀ. ਵਿੱਚ ਮਹੱਤਵਪੂਰਨ ਸੇਵਾਵਾਂ ਲਈ ਵਰਤੀ ਜਾਣ ਵਾਲੀ ਸੂਬਾਈ ਆਮਦਨ ਵਿੱਚ ਟੈਕਸਾਂ ਦਾ ਸਭ ਤੋਂ ਵੱਡਾ ਹਿੱਸਾ ਹੁੰਦਾ ਹੈ। ਬੱਜਟ 2026 ਰਾਹੀਂ ਸਰਕਾਰ ਅਹਿਮ ਸੇਵਾਵਾਂ ਵਿੱਚ ਕਟੌਤੀਆਂ ਤੋਂ ਬਚਣ ਲਈ ਟੈਕਸ ਪ੍ਰਣਾਲੀ ਵਿੱਚ ਤਬਦੀਲੀਆਂ ਕਰ ਰਹੀ ਹੈ:
- ਪਹਿਲੇ ਇਨਕਮ ਟੈਕਸ ਬ੍ਰੈਕਟ ਦੀ ਦਰ 5.06% ਤੋਂ ਵਧਾ ਕੇ 5.60% ਕਰਨਾ, ਜੋ 0.6 ਪ੍ਰਤੀਸ਼ਤ ਅੰਕ ਤੋਂ ਘੱਟ ਵਾਧਾ ਹੈ।
- ਇਸ ਦਾ ਮਤਲਬ ਹੈ ਕਿ 2026 ਵਿੱਚ ਇੱਕ ਔਸਤ ਟੈਕਸ ਅਦਾ ਕਰਨ ਵਾਲੇ ਵਿਅਕਤੀ ਲਈ ਇਨਕਮ ਟੈਕਸ ਵਿੱਚ $76 ਦਾ ਵਾਧਾ ਹੋਵੇਗਾ।
- ਪਰ, ਬੀ.ਸੀ. ਦੇ ਟੈਕਸ ਰਿਡਕਸ਼ਨ ਕ੍ਰੈਡਿਟ ਦੇ ਵਾਧੇ ਨੂੰ ਇਸ ਤਬਦੀਲੀ ਨਾਲ ਮਿਲਾ ਕੇ, 40% ਤੋਂ ਵੱਧ ਟੈਕਸ ਅਦਾ ਕਰਨ ਵਾਲਿਆਂ ਨੂੰ ਬੱਚਤ ਨਜ਼ਰ ਆਵੇਗੀ।
- ਬੀ.ਸੀ. 2027 ਤੋਂ 2030 ਤੱਕ ਟੈਕਸ ਬ੍ਰੈਕਟ ਇੰਡੈਕਸਿੰਗ ਨੂੰ ਵੀ ਅਸਥਾਈ ਤੌਰ ‘ਤੇ ਰੋਕ ਦੇਵੇਗਾ।
- ਵਿਦੇਸ਼ੀ ਘਰ ਮਾਲਕਾਂ ਅਤੇ ਵਿਸ਼ਵ ਭਰ ਤੋਂ ਬਿਨਾਂ ਟੈਕਸ ਦਿੱਤੀ ਆਮਦਨ ਵਾਲੇ ਲੋਕਾਂ ਲਈ ‘ਸਪੈਕਿਊਲੇਸ਼ਨ ਐਂਡ ਵੇਕਐਂਸੀ ਟੈਕਸ’ ਦੀ ਦਰ 2027 ਟੈਕਸ ਸਾਲ ਲਈ ਮੌਜੂਦਾ 3% ਤੋਂ ਵਧਾ ਕੇ 4% ਕਰਨਾ।
- ਬੀ.ਸੀ. 2027 ਦੇ ਟੈਕਸ ਸਾਲ ਤੋਂ $3 ਮਿਲੀਅਨ ਤੋਂ $4 ਮਿਲੀਅਨ ਤੱਕ ਦੇ ਮੁੱਲ ਵਾਲੀਆਂ ਪ੍ਰੌਪਰਟੀਆਂ ਲਈ ‘ਐਡੀਸ਼ਨਲ ਸਕੂਲ ਟੈਕਸ’ ਦੀ ਦਰ 0.2% ਤੋਂ ਵਧਾ ਕੇ 0.3%, ਅਤੇ $4 ਮਿਲੀਅਨ ਤੋਂ ਵੱਧ ਮੁੱਲ ਵਾਲੀਆਂ ਪ੍ਰੌਪਰਟੀਆਂ ਲਈ 0.4% ਤੋਂ ਵਧਾ ਕੇ 0.6% ਕਰ ਰਿਹਾ ਹੈ।
- ਬੀ.ਸੀ. ਵਿੱਚ PST ਟੈਕਸ ਹੇਠ ਆਉਣ ਵਾਲੀਆਂ ਪੇਸ਼ੇਵਰ ਸੇਵਾਵਾਂ ਵਿੱਚ ਹੋਰ ਸੇਵਾਵਾਂ ਨੂੰ ਸ਼ਾਮਲ ਕਰਨਾ, ਜਿਵੇਂ ਕਿ ਅਕਾਊਂਟਿੰਗ ਅਤੇ ਬੁੱਕਕੀਪਿੰਗ, ਆਰਕੀਟੈਕਚਰਲ, ਜਿਓਸਾਇੰਟਿਸਟ ਅਤੇ ਇੰਜੀਨੀਅਰਿੰਗ ਸੇਵਾਵਾਂ, ਕਮਰਸ਼ੀਅਲ ਰੀਅਲ ਇਸਟੇਟ ਫੀਸਾਂ, ਅਤੇ ਸੁਰੱਖਿਆ ਅਤੇ ਪ੍ਰਾਈਵੇਟ ਇਨਵੈਸਟੀਗੇਸ਼ਨ ਸੇਵਾਵਾਂ।
- ਇਸ ਤਬਦੀਲੀ ਨਾਲ ਸਧਾਰਨ ਤੌਰ ‘ਤੇ ਬੀ.ਸੀ. ਵੀ ਇਨ੍ਹਾਂ ਸੇਵਾਵਾਂ ’ਤੇ ਸੇਲਜ਼ ਟੈਕਸ ਲਗਾਉਣ ਦੇ ਮਾਮਲੇ ਵਿੱਚ ਹੋਰ ਸੂਬਿਆਂ ਨਾਲ ਮੇਲ ਖਾਵੇਗਾ।
- ਕੁਝ ਅਜਿਹੇ ਮਾਲ ਅਤੇ ਸੇਵਾਵਾਂ ਤੋਂ PST ਛੋਟਾਂ ਹਟਾਉਣਾ, ਜਿਨ੍ਹਾਂ ਨੂੰ ਕਦੇ ਜ਼ਰੂਰੀ ਮੰਨਿਆ ਜਾਂਦਾ ਸੀ, ਪਰ ਹੁਣ ਆਮ ਤੌਰ ‘ਤੇ ਵਰਤਿਆ ਨਹੀਂ ਜਾਂਦਾ, ਜਿਵੇਂ ਕਿ ਕੱਪੜੇ ਦੀ ਮੁਰੰਮਤ ਲਈ ਸਮੱਗਰੀ, ਕੱਪੜਿਆਂ ਅਤੇ ਜੁੱਤੀਆਂ ਨਾਲ ਸੰਬੰਧਤ ਸੇਵਾਵਾਂ, ਬੇਸਿਕ ਕੇਬਲ ਟੈਲੀਵਿਜ਼ਨ ਅਤੇ ਲੈਂਡਲਾਈਨ ਟੈਲੀਫੋਨ ਸੇਵਾਵਾਂ।
- ਇਨ੍ਹਾਂ ਸੇਵਾਵਾਂ ’ਤੇ ਟੈਕਸ ਦਾ ਵਿਸਤਾਰ ਆਮ ਤੌਰ ’ਤੇ ਉਸ ਤਰੀਕੇ ਨਾਲ ਮੇਲ ਖਾਂਦਾ ਹੈ ਜਿਸ ਤਰ੍ਹਾਂ ਇਹ ਸੇਵਾਵਾਂ ਹੋਰ ਸੂਬਿਆਂ ਵਿੱਚ ਟੈਕਸ ਦੇ ਅਧੀਨ ਹਨ।
- ਨਿਰਮਾਣ ਅਤੇ ਪ੍ਰੋਸੈਸਿੰਗ ਵਿੱਚ ਵਰਤੀਆਂ ਜਾਣ ਵਾਲੀਆਂ ਇਮਾਰਤਾਂ, ਮਸ਼ੀਨਰੀ ਅਤੇ ਉਪਕਰਣਾਂ ਵਿੱਚ ਨਿਵੇਸ਼ ਕਰਨ ਵਾਲੇ ਕਾਰੋਬਾਰਾਂ ਲਈ 15% ਦਾ ਇੱਕ ਨਵਾਂ ਅਸਥਾਈ ‘ਮੈਨਿਊਫੈਕਚਰਿੰਗ ਅਤੇ ਪ੍ਰੌਸੈਸਿੰਗ ਇਨਵੈਸਟਮੈਂਟ ਰੀਫੰਡੇਬਲ ਟੈਕਸ ਕ੍ਰੈਡਿਟ’ ਸ਼ਾਮਲ ਕਰਨਾ।
- ‘ਸ਼ਿਪਬਿਲਡਿੰਗ ਐਂਡ ਸ਼ਿਪ ਰਿਪੇਅਰ ਇੰਡਸਟਰੀ ਟੈਕਸ ਕ੍ਰੈਡਿਟ’ ਨੂੰ 2027 ਦੇ ਅੰਤ ਤੱਕ ਵਧਾਉਣਾ।
- ‘ਪ੍ਰੌਪਰਟੀ ਟੈਕਸ ਡਿਫਰਮੈਂਟ ਪ੍ਰੋਗਰਾਮ’ ਲਈ ਵਿਆਜ ਦਰਾਂ ਦੇ ਢਾਂਚੇ ਨੂੰ ਸਿੰਪਲ ਤੋਂ ਕੰਪਾਉਂਡ ਵਿੱਚ ਬਦਲਣਾ ਅਤੇ ਨਵੇਂ ਕਰਜ਼ਿਆਂ ਲਈ 2% ਪ੍ਰਾਈਮ ਪਲੱਸ ਦਰ ਅਪਣਾਉਣਾ।
ਪੂੰਜੀ ਯੋਜਨਾ ਨੂੰ ਕਾਰਜਨੀਤਕ ਢੰਗ ਨਾਲ ਕ੍ਰਮ ਵਿੱਚ ਲਿਆਉਣਾ
- ਬੱਜਟ 2026 ਹਸਪਤਾਲਾਂ, ਸਕੂਲਾਂ ਅਤੇ ਟ੍ਰਾਂਜ਼ਿਟ ਸਮੇਤ ਉਨ੍ਹਾਂ ਬੁਨਿਆਦੀ ਢਾਂਚਿਆਂ ਵਿੱਚ ਨਿਵੇਸ਼ ਕਰਦਾ ਹੈ ਜਿਨ੍ਹਾਂ ਦੀ ਲੋਕਾਂ ਅਤੇ ਭਾਈਚਾਰਿਆਂ ਨੂੰ ਲੋੜ ਹੈ।
- ਇਸ ਵਿੱਤੀ ਯੋਜਨਾ ਵਿੱਚ ਲਗਭਗ $38 ਬਿਲੀਅਨ ਦੇ ਪੂੰਜੀ ਪ੍ਰੋਜੈਕਟ ਸ਼ਾਮਲ ਹਨ:
- ਵੈਨਕੂਵਰ, ਸਰ੍ਹੀ, ਡੰਕਨ, ਕੈਮਲੂਪਸ ਅਤੇ ਵਿਲੀਅਮਜ਼ ਲੇਕ ਸਮੇਤ ਵੱਖ‑ਵੱਖ ਭਾਈਚਾਰਿਆਂ ਵਿੱਚ 17 ਪ੍ਰਮੁੱਖ ਹਸਪਤਾਲ ਅਤੇ ਐਕਿਊਟ ਕੇਅਰ ਸਹੂਲਤਾਂ
- ਬ੍ਰਾਡਵੇ ਸਬਵੇ ਪ੍ਰੋਜੈਕਟ ਅਤੇ ਸਰ੍ਹੀ ਲੈਂਗਲੀ ਸਕਾਈਟ੍ਰੇਨ ਵਰਗੇ ਮਹੱਤਵਪੂਰਨ ਟ੍ਰਾਂਜ਼ਿਟ ਵਿਸਥਾਰ
- ਮਿਸ਼ਨ, ਪ੍ਰਿੰਸ ਰੂਪਰਟ ਅਤੇ ਲੈਂਗਲੀ ਸਮੇਤ ਹੋਰ ਭਾਈਚਾਰਿਆਂ ਵਿੱਚ 66 ਮੁੱਖ K–12 ਸਕੂਲਾਂ ਦੇ ਵਾਧੇ ਅਤੇ ਸੁਧਾਰ
- ਨਨਾਇਮੋ ਅਤੇ ਨਿਊ ਵੈਸਟਮਿੰਸਟਰ ਵਰਗੇ ਭਾਈਚਾਰਿਆਂ ਦੀਆਂ ਪੋਸਟ‑ਸੈਕੰਡਰੀ ਫੈਸੀਲਿਟੀਆਂ ਵਿੱਚ 3,900 ਨਵੇਂ ਬੈਡ ਸ਼ਾਮਲ ਕਰਨ ਵਾਲੇ ਵਿਦਿਆਰਥੀ ਰਿਹਾਇਸ਼ੀ ਪ੍ਰੋਜੈਕਟ
- ਸਰ੍ਹੀ ਵਿੱਚ ਪੱਛਮੀ ਕੈਨੇਡਾ ਦਾ ਲਗਭਗ 60 ਸਾਲਾਂ ਵਿੱਚ ਬਣ ਰਿਹਾ ਪਹਿਲਾ ਨਵਾਂ ਮੈਡਿਕਲ ਸਕੂਲ
- ਇਸ ਸਮੇਂ ਸਰਕਾਰ ਦੇ ਵਿੱਤੀ ਹਾਲਾਤਾਂ ’ਤੇ ਵਧੇਰੇ ਦਬਾਅ ਹੈ। ਕੰਸਟ੍ਰਕਸ਼ਨ ਦੇ ਖ਼ਰਚਿਆਂ ਵਿੱਚ ਵਾਧੇ ਦੇ ਪ੍ਰਭਾਵ ਨੂੰ ਘਟਾਉਣ ਅਤੇ ਕਰਜ਼ੇ ਤੋਂ ਕੁੱਲ ਘਰੇਲੂ ਉਤਪਾਦ ਅਨੁਪਾਤ ਨੂੰ ਮੁਕਾਬਲੇਯੋਗ ਰੱਖਣ ਲਈ, ਸੂਬਾ ਪੂੰਜੀ ਯੋਜਨਾ ਦੀ ਗਤੀ ਵਿੱਚ ਤਬਦੀਲੀ ਕਰ ਰਿਹਾ ਹੈ, ਤਾਂ ਜੋ ਸਕੂਲਾਂ, ਹਸਪਤਾਲਾਂ ਅਤੇ ਟ੍ਰਾਂਜ਼ਿਟ ਵਰਗੀਆਂ ਲੋਕਾਂ ਦੁਆਰਾ ਲੋੜੀਂਦੀਆਂ ਸੁਵਿਧਾਵਾਂ ਦਾ ਟਿਕਾਊ ਤਰੀਕੇ ਨਾਲ ਨਿਰਮਾਣ ਜਾਰੀ ਰਹੇ।
- ਬੀ.ਸੀ. ਦੀ ਵਧਦੀ ਉਮਰ ਵਾਲੀ ਅਬਾਦੀ ਨੂੰ ਧਿਆਨ ਵਿੱਚ ਰੱਖਦਿਆਂ, ਸਰਕਾਰ ਲੰਬੇ ਸਮੇਂ ਦੇ ਬੁਨਿਆਦੀ ਢਾਂਚਾ ਪ੍ਰੋਗਰਾਮ ਦੀ ਸਮੀਖਿਆ ਕਰਕੇ ਬੈਡਾਂ ਦੀ ਉਪਲਬਧਤਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਉਣ ਲਈ ਕਦਮ ਚੁੱਕ ਰਹੀ ਹੈ, ਜਿਸ ਨਾਲ ਖ਼ਰਚਿਆਂ ਵਿੱਚ ਕੁਸ਼ਲਤਾ ਹਾਸਲ ਕੀਤੀ ਜਾ ਸਕੇਗੀ ਅਤੇ ਬਜ਼ੁਰਗਾਂ ਲਈ ਸੁਰੱਖਿਅਤ, ਉੱਚ‑ਗੁਣਵੱਤਾ ਵਾਲੀ ਦੇਖਭਾਲ ਜਾਰੀ ਰਹੇਗੀ।
- ਸਰਕਾਰ ਕਈ ਮਨਜ਼ੂਰਸ਼ੁਦਾ ਲੌਂਗ-ਟਰਮ ਕੇਅਰ ਪ੍ਰੋਜੈਕਟਾਂ ਦੀ ਪ੍ਰਦਾਨਗੀ ਦੇ ਸਮੇਂ ਵਿੱਚ ਤਬਦੀਲੀ ਲਿਆ ਰਹੀ ਹੈ, ਤਾਂ ਜੋ ਪਹਿਲਾਂ ਤੋਂ ਚੱਲ ਰਹੇ ਪ੍ਰੋਜੈਕਟਾਂ ਅਤੇ ਲੌਂਗ-ਟਰਮ ਕੇਅਰ ਦੇ ਬੁਨਿਆਦੀ ਢਾਂਚਾ ਪ੍ਰੋਗਰਾਮ ਦੀ ਜਾਰੀ ਸਮੀਖਿਆ ਤੋਂ ਸਿੱਖੇ ਗਏ ਸਬਕ ਇੰਨ੍ਹਾਂ ਵਿੱਚ ਸ਼ਾਮਲ ਕੀਤੇ ਜਾ ਸਕਣ। ਪ੍ਰਭਾਵਿਤ ਫੈਸੀਲਿਟੀਆਂ ਵਿੱਚ ਸ਼ਾਮਲ ਹਨ:
- ਐਬਟਸਫੋਰਡ ਲੌਂਗ-ਟਰਮ ਕੇਅਰ
- ਕੈਂਪਬਲ ਰਿਵਰ ਲੌਂਗ-ਟਰਮ ਕੇਅਰ
- ਚਿਲੀਵੈਕ ਲੌਂਗ-ਟਰਮ ਕੇਅਰ
- ਕੌਟਨਵੁੱਡਜ਼ ਲੌਂਗ-ਟਰਮ ਕੇਅਰ ਦੀ ਤਬਦੀਲੀ (ਕਲੋਨਾ)
- ਡੈਲਟਾ ਲੌਂਗ-ਟਰਮ ਕੇਅਰ
- ਫੋਰਟ ਸੇਂਟ ਜੌਨ ਲੌਂਗ-ਟਰਮ ਕੇਅਰ
- ਸਕੁਆਮਿਸ਼ (ਹਿਲਟੌਪ) ਲੌਂਗ-ਟਰਮ ਕੇਅਰ
- ਦੋ ਹੋਰ ਪ੍ਰੋਜੈਕਟ ਜਿਨ੍ਹਾਂ ਦੀ ਗਤੀ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ:
- ਬਰਨਬੀ ਹਸਪਤਾਲ ਅਤੇ ਕੈਂਸਰ ਕੇਅਰ ਦੇ ਦੂਜੇ ਪੜਾਅ ਲਈ ਸਰਕਾਰ ਯੋਜਨਾਵਾਂ ਵਿੱਚ ਸੋਧਾਂ ਕਰ ਰਹੀ ਹੈ ਤਾਂ ਜੋ ਇਹ ਪ੍ਰੋਜੈਕਟ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰ ਸਕੇ
- ਯੂਨੀਵਰਸਿਟੀ ਆਫ਼ ਵਿਕਟੋਰੀਆ ਵਿੱਚ ਵਿਦਿਆਰਥੀ ਰਿਹਾਇਸ਼ਾਂ ਦਾ ਵਿਸਥਾਰ
- ਸਰਕਾਰ ਕੁਝ ਰਿਹਾਇਸ਼ੀ ਨਿਵੇਸ਼ਾਂ ਦੀ ਗਤੀ ਵਿੱਚ ਤਬਦੀਲੀਆਂ ਕਰ ਰਹੀ ਹੈ। ਇਸ ਵਿੱਚ ਸ਼ਾਮਲ ਹੈ ਵਿੱਤੀ ਯੋਜਨਾ ਦੌਰਾਨ ਲਗਭਗ $1.4 ਬਿਲੀਅਨ ਨੂੰ ਨਵੇਂ ਸਿਰੀਓਂ ਵੰਡਣਾ।
ਸਰਕਾਰ ਦਾ ਕੰਮ ਹੋਰ ਪ੍ਰਭਾਵਸ਼ਾਲੀ ਬਣਾਉਣਾ
ਸਰਕਾਰ ਲੰਬੇ ਸਮੇਂ ਲਈ ਸੇਵਾਵਾਂ ਦੀ ਪ੍ਰਦਾਨਗੀ ਨੂੰ ਹੋਰ ਕੁਸ਼ਲ, ਪ੍ਰਭਾਵਸ਼ਾਲੀ ਅਤੇ ਕਿਫ਼ਾਇਤੀ ਬਣਾਈ ਰੱਖਣ ਲਈ ਪ੍ਰੋਗਰਾਮਾਂ ਵਿੱਚ ਤਬਦੀਲੀਆਂ ਕਰ ਰਹੀ ਹੈ ਅਤੇ ਕਾਰਗੁਜ਼ਾਰੀ ਵਿੱਚ ਵਾਧਾ ਕਰ ਰਹੀ ਹੈ।
ਬੱਜਟ 2025 ਵਿੱਚ ਨਿਰਧਾਰਤ ਕੀਤੇ ਗਏ ਖ਼ਰਚ ਪ੍ਰਬੰਧਨ ਟੀਚਿਆਂ ਨੂੰ ਪੂਰੇ ਕਰਨ ਦੀ ਵਚਨਬੱਧਤਾ ਦੇ ਹਿੱਸੇ ਵਜੋਂ, ਸਰਕਾਰ ਨੇ 2025–26 ਵਿੱਚ ਸਟਾਫ਼ਿੰਗ ਵਿੱਚ ਤਬਦੀਲੀਆਂ ਕੀਤੀਆਂ, ਭਰਤੀ ’ਤੇ ਪਾਬੰਦੀਆਂ ਲਾਈਆਂ, ਅਤੇ ਯਾਤਰਾ, ਕੰਸਲਟਿੰਗ ਕਾਂਟ੍ਰੈਕਟਾਂ, ਦਫ਼ਤਰ ਅਤੇ ਕਾਰੋਬਾਰੀ ਖ਼ਰਚਿਆਂ ਦੀ ਸਮੀਖਿਆ ਕਰਕੇ ਗੈਰ-ਲਾਜ਼ਮੀ ਖ਼ਰਚੇ ਘਟਾਉਂਦੇ ਹੋਏ $400 ਮਿਲੀਅਨ ਦੀ ਬੱਚਤ ਕੀਤੀ ਹੈ।
ਖ਼ਰਚਿਆਂ ਵਿੱਚ ਬੱਚਤ ਕਰਨ ਦੀ ਇਸ ਵਚਨਬੱਧਤਾ ਨੂੰ ਜਾਰੀ ਰੱਖਦਿਆਂ, ਬੱਜਟ 2026 ਵਿੱਤੀ ਯੋਜਨਾ ਦੌਰਾਨ ਖ਼ਰਚ ਪ੍ਰਬੰਧਨ ਰਾਹੀਂ $3.5 ਬਿਲੀਅਨ ਦੀ ਬੱਚਤ ਦਾ ਅਨੁਮਾਨ ਸ਼ਾਮਲ ਕਰਦਾ ਹੈ। ਇਹ ਬੱਚਤ 2025–26 ਵਿੱਚ ਕੀਤੀਆਂ ਕਾਰਵਾਈਆਂ ਨੂੰ ਜਾਰੀ ਰੱਖਣ ਦੇ ਨਾਲ-ਨਾਲ, ਪ੍ਰੋਗਰਾਮਾਂ ਦੀ ਪ੍ਰਦਾਨਗੀ ਨੂੰ ਮੁੜ ਸੰਤੁਲਿਤ ਕਰਨ ਅਤੇ ਵਿੱਤੀ ਵੰਡਾਂ ਦੀ ਸਮੀਖਿਆ ਰਾਹੀਂ ਹਾਸਲ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਸਰਕਾਰ ਤਿੰਨ ਸਾਲਾਂ ਦੀ ਵਿੱਤੀ ਯੋਜਨਾ ਦੌਰਾਨ ਪਬਲਿਕ ਸੈਕਟਰ ਦੇ ਆਕਾਰ ਵਿੱਚੋਂ 15,000 ਫੁੱਲ‑ਟਾਈਮ‑ਇਕੁਵੀਲੈਂਟ (FTE) ਨੌਕਰੀਆਂ ਘਟਾਉਣ ਦੀ ਵਚਨਬੱਧਤਾ ਕਰ ਰਹੀ ਹੈ; ਇਹ ਪ੍ਰਕਿਰਿਆ ਫਰੰਟ ਲਾਈਨ ਸੇਵਾਵਾਂ ਦੀ ਸੁਰੱਖਿਆ ਕਰਦੇ ਹੋਏ ਕੀਤੀ ਜਾਵੇਗੀ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖੇਗੀ ਕਿ ਸਿਹਤ ਅਤੇ ਸਿੱਖਿਆ ਵਰਗੇ ਕੁਝ ਖੇਤਰਾਂ ਵਿੱਚ ਮਹੱਤਵਪੂਰਨ ਫਰੰਟ ਲਾਈਨ ਦੇ ਅਹੁਦਿਆਂ ਦੀ ਭਰਤੀ ਜਾਰੀ ਰੱਖਣ ਦੀ ਲੋੜ ਹੋਵੇਗੀ। ਪਬਲਿਕ ਸੈਕਟਰ ਵਿੱਚ ਉਹ ਸੰਸਥਾਵਾਂ ਵੀ ਆਉਂਦੀਆਂ ਹਨ ਜੋ ਮੁੱਖ ਸਰਕਾਰੀ ਮੰਤਰਾਲਿਆਂ ਤੋਂ ਬਾਹਰ ਹਨ, ਜਿਵੇਂ ਕਿ ਕ੍ਰਾਊਨ ਕਾਰਪੋਰੇਸ਼ਨ, ਸਕੂਲ ਜ਼ਿਲ੍ਹੇ, ਪੋਸਟ‑ਸੈਕੰਡਰੀ ਸੰਸਥਾਵਾਂ ਅਤੇ ਸਿਹਤ ਅਥਾਰਿਟੀਆਂ।
ਪਬਲਿਕ ਸੈਕਟਰ ਵਿੱਚ ਕਟੌਤੀਆਂ ਦੇ ਹਿੱਸੇ ਵਜੋਂ, ਸਰਕਾਰ ਕ੍ਰਾਊਨ ਕਾਰਪੋਰੇਸ਼ਨਾਂ ਅਤੇ ਸਿਹਤ ਖੇਤਰ ’ਤੇ ਧਿਆਨ ਕੇਂਦਰਿਤ ਕਰਦਿਆਂ, ਕਾਰਜਕਾਰੀ ਅਹੁਦਿਆਂ ਦੀ ਗਿਣਤੀ ਘਟਾਉਣ ਲਈ ਵਿਸ਼ੇਸ਼ ਟੀਚੇ ਤਿਆਰ ਕਰੇਗੀ। ਸੂਬਾ ਵਿੱਤੀ ਯੋਜਨਾ ਦੇ ਅੰਤ ਤੱਕ, ਬੀ ਸੀ ਪਬਲਿਕ ਸਰਵਿਸ, ਜਿਸ ਵਿੱਚ ਮੁੱਖ ਸਰਕਾਰੀ ਮੰਤਰਾਲਿਆਂ ਦੇ ਕਰਮਚਾਰੀ ਸ਼ਾਮਲ ਹਨ, ਦਾ ਆਕਾਰ 2,500 FTE ਨੌਕਰੀਆਂ ਨਾਲ ਘਟਾਉਣ ਦਾ ਉਦੇਸ਼ ਰੱਖਦਾ ਹੈ। ਇਹ ਕਟੌਤੀਆਂ ਮੁੱਖ ਤੌਰ ’ਤੇ ਕੁਦਰਤੀ ਰਵਾਨਗੀ ਅਤੇ ਸਵੈ-ਇੱਛੁਕ ਤੌਰ ’ਤੇ ਨੌਕਰੀ ਛੱਡਣ ਰਾਹੀਂ ਕੀਤੀਆਂ ਜਾਣਗੀਆਂ। ਛੋਟੀ ਅਤੇ ਹੋਰ ਕੁਸ਼ਲ ਪਬਲਿਕ ਸਰਵਿਸ ਵੱਲ ਬਦਲਾਅ ਲਈ, ਜਲਦੀ ਰਿਟਾਇਰਮੈਂਟ ਅਤੇ ਸਵੈ-ਇੱਛੁਕ ਸੈਵਰੈਂਸ ਪ੍ਰੋਤਸਾਹਨਾਂ ਵਰਗੇ ਹੋਰ ਉਪਰਾਲੇ ਵੀ ਵਰਤੇ ਜਾ ਸਕਦੇ ਹਨ।